1. ਬੈਂਕ ਖਾਤਾ (ਬੈਂਕ ਅਕਾਊਂਟ – Bank Account) – ਤੁਹਾਡਾ ਧਨ ਰੱਖਣ ਦਾ ਸਥਾਨ, ਜਿੱਥੋਂ ਵਿਆਜ ਦੀ ਕੁੱਝ ਰਕਮ ਵੀ ਕਮਾਉਣ ਲਈ ਮਿਲਦੀ ਹੈ। ਇਹ ਦੋ ਕਿਸਮ ਦੇ ਹੁੰਦੇ ਹਨ: ਬੱਚਤ ਖਾਤੇ (ਸੇਵਿੰਗਜ਼) ਅਤੇ ਚੈਕਿੰਗ ਖਾਤੇ। ਤੁਹਾਡੇ ਬੈਂਕ ਖਾਤੇ ਵਿੱਚ 100,000 ਡਾਲਰ ਸੀਮਾ ਤੱਕ ਦਾ ਬੀਮਾ ‘ਕੈਨੇਡਾ ਡਿਪਾੱਜ਼ਿਟ ਇਨਸ਼ਯੋਰੈਂਸ ਕਾਰਪੋਰੇਸ਼ਨ’ (ਸੀ.ਡੀ.ਆਈ.ਸੀ.) ਵੱਲੋਂ ਕੀਤਾ ਜਾਂਦਾ ਹੈ।

2. ਸਲਾਹਕਾਰ (ਐਡਵਾਇਜ਼ਰ – Advisor) – ਉਹ ਵਿਅਕਤੀ, ਜਿਸ ਨੇ ਵਿੱਤੀ ਫ਼ੈਸਲੇ ਲੈਣ ਵਿੱਚ ਤੁਹਾਡੀ ਮਦਦ ਕਰਨ ਲਈ ਸਿਖਲਾਈ ਪ੍ਰਾਪਤ ਕੀਤੀ ਹੁੰਦੀ ਹੈ। ਧਨ ਨਿਵੇਸ਼ ਕਰਨ, ਵਿੱਤੀ ਯੋਜਨਾਬੰਦੀ, ਟੈਕਸ ਯੋਜਨਾਬੰਦੀ, ਐਸਟੇਟ (ਮਿਲਖ) ਯੋਜਨਾਬੰਦੀ ਤੇ ਬੀਮਾ ਜਿਹੇ ਖੇਤਰਾਂ ਲਈ ਵਿਭਿੰਨ ਸਲਾਹਕਾਰ ਹੁੰਦੇ ਹਨ, ਭਾਵੇਂ ਕੁੱਝ ਸਲਾਹਕਾਰਾਂ ਨੂੰ ਇੱਕ ਤੋਂ ਵੱਧ ਖੇਤਰਾਂ ਵਿੱਚ ਵੀ ਮੁਹਾਰਤ ਹਾਸਲ ਹੁੰਦੀ ਹੈ। ਸਲਾਹਕਾਰਾਂ ਨੂੰ ਇਸ ਤਰ੍ਹਾਂ ਅਦਾਇਗੀ ਕੀਤੀ ਜਾਂਦੀ ਹੈ:

  • ਤਨਖ਼ਾਹ
  • ਕਮਿਸ਼ਨ (ਆਮ ਤੌਰ ਉਤੇ ਕਿਸੇ ਬੀਮਾ ਜਾਂ ਨਿਵੇਸ਼ ਉਤਪਾਦ ਦੀ ਲਾਗਤ ਦਾ ਕੁੱਝ ਪ੍ਰਤੀਸ਼ਤ, ਜਿਸ ਦੀ ਗਣਨਾ ਪ੍ਰਤੀ-ਉਤਪਾਦ ਆਧਾਰ ਉਤੇ ਕੀਤੀ ਜਾਂਦੀ ਹੈ)
  • ਫ਼ੀਸ (‘‘ਫ਼ੀਸ’’ ਹੇਠਾਂ ਵੇਖੋ)
  • ਕਮਿਸ਼ਨ ਅਤੇ ਫ਼ੀਸ

ਸਲਾਹਕਾਰ; ਬੈਂਕਾਂ, ਬੀਮਾ ਏਜੰਸੀਆਂ ਜਾਂ ਸੁਤੰਤਰ ਫ਼ਰਮਾਂ ਵਿੱਚ ਕੰਮ ਕਰਦੇ ਹਨ। ਉਹ ਜ਼ਰੂਰ ਹੀ ਕਿਸੇ ਸਕਿਓਰਿਟੀਜ਼ ਰੈਗੂਲੇਟਰ, ਜਿਵੇਂ ਕਿ ‘ਉਨਟਾਰੀਓ ਸਕਿਓਰਿਟੀਜ਼ ਕਮਿਸ਼ਨ’ (ਓ.ਐਸ.ਸੀ.), ਜਾਂ ਅਜਿਹੀ ਕਿਸੇ ਹੋਰ ਬੀਮਾ (ਇਨਸ਼ਯੋਰੈਂਸ) ਰੈਗੂਲੇਟਰ ਨਾਲ ਰਜਿਸਟਰਡ ਹੋਣੇ ਚਾਹੀਦੇ ਹਨ। ਇੱਕ ਸਕਿਓਰਿਟੀਜ਼ ਰੈਗੂਲੇਟਰ ਇੱਕ ਸਰਕਾਰੀ ਸੰਗਠਨ ਹੁੰਦਾ ਹੈ, ਜੋ ਨਿਯਮ ਤੇ ਹਦਾਇਤਾਂ ਤਿਆਰ ਕਰਦਾ ਹੈ ਤੇ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਮਦਦ ਕਰਦਾ ਹੈ। ਬਹੁਤੇ ਸਲਾਹਕਾਰ, ਨਿਗਰਾਨੀ ਪ੍ਰਦਾਨ ਕਰਨ ਵਾਲੇ ਉਦਯੋਗ-ਸੰਗਠਨਾਂ ਨਾਲ ਵੀ ਰਜਿਸਟਰਡ ਹੁੰਦੇ ਹਨ। ਇਹ ਸਵੈ-ਨਿਯੰਤ੍ਰਿਤ ਸੰਗਠਨ ਕੋਈ ਸਰਕਾਰੀ ਏਜੰਸੀਆਂ ਤਾਂ ਨਹੀਂ ਹੁੰਦੇ, ਪਰ ਫਿਰ ਵੀ ਇਹ ਕੁੱਝ ਨਿਸ਼ਚਤ ਪੇਸ਼ੇਵਰਾਨਾ ਮਾਪਦੰਡਾਂ ਨੂੰ ਕਾਇਮ ਕਰ ਕੇ ਰਖਦੇ ਹਨ। ਤੁਹਾਨੂੰ ਆਪਣੇ ਸਲਾਹਕਾਰ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਕਿਵੇਂ ਰਜਿਸਟਰਡ ਹੈ ਤੇ ਉਸ ਵੱਲੋਂ ਕੀਤੀ ਵਿਆਖਿਆ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ।

3. ਸਟਾੱਕ ਬਾਜ਼ਾਰ (ਸਟਾੱਕ ਮਾਰਕਿਟ – Stock Market) – ਉਹ ਸਥਾਨ ਜਿੱਥੇ ਕੰਪਨੀਆਂ ਦੇ ਸ਼ੇਅਰਜ਼, ਜਿਨ੍ਹਾਂ ਨੂੰ ਸਟਾੱਕਸ ਵੀ ਕਿਹਾ ਜਾਂਦਾ ਹੈ, ਖ਼ਰੀਦੇ ਅਤੇ ਵੇਚੇ ਜਾਂਦੇ ਹਨ। ਟੋਰਾਂਟੋ ਸਟਾੱਕ ਐਕਸਚੇਂਜ (TSX, www.tsx.com) ਕੈਨੇਡਾ ਦਾ ਸਭ ਤੋਂ ਵੱਡਾ ਸਟਾੱਕ ਬਾਜ਼ਾਰ ਹੈ। ਟੋਰਾਂਟੋ ਸਟਾੱਕ ਐਕਸਚੇਂਜ ਡਾਊਨਟਾਊਨ ਟੋਰਾਂਟੋ ’ਚ ਬੇਅ ਸਟਰੀਟ ਉਤੇ ਸਥਿਤ ਹੈ ਤੇ ਟੀ.ਐਮ.ਐਕਸ. ਗਰੁੱਪ ਇਸ ਦਾ ਸੰਚਾਲਨ ਕਰਦਾ ਹੈ। ਟੋਰਾਂਟੋ ਸਟਾੱਕ ਐਕਸਚੇਂਜ ਆਪਣੀ ਸੂਚੀ ਵਿੱਚ ਕੈਨੇਡਾ ਤੇ ਸਮੁੱਚੇ ਵਿਸ਼ਵ ਦੀਆਂ ਕੰਪਨੀਆਂ ਨੂੰ ਸ਼ਾਮਲ ਕਰਦੀ ਹੈ।

4. ਪੂੰਜੀ (ਕੈਪੀਟਲ – Capital) – ਉਹ ਧਨ ਜੋ ਤੁਸੀਂ ਨਿਵੇਸ਼ ਕਰਦੇ ਹੋ ਜਾਂ ਰਿਣ ਵਜੋਂ ਦਿੰਦੇ ਹੋ, ਤਾਂ ਜੋ ਤੁਸੀਂ ਹੋਰ ਧਨ ਬਣਾ ਸਕੋ।

5. ਮੂਲਧਨ (ਪ੍ਰਿੰਸੀਪਲ – Principal) – ਉਹ ਅਸਲ ਜਾਂ ਮੂਲ ਧਨ, ਜੋ ਅੱਗੇ ਕਰਜ਼ੇ ਵਜੋਂ ਜਾਂ ਉਧਾਰ ਦਿੱਤਾ ਗਿਆ ਹੈ। ਮੂਲਧਨ ਵਿੱਚ ਉਹ ਰਕਮ ਨਹੀਂ ਆਉਂਦੀ, ਜੋ ਤੁਸੀਂ ਕਿਸੇ ਦਿੱਤੇ ਕਰਜ਼ੇ ਰਾਹੀਂ ਜਾਂ ਕਰਜ਼ੇ ਉਤੇ ਅਦਾ ਕੀਤੇ ਗਏ ਵਿਆਜ ਰਾਹੀਂ ਕਮਾਉਂਦੇ ਹੋ।

6. ਨਿਵੇਸ਼ (ਇਨਵੈਸਟਮੈਂਟ – Investment) – ਉਹ ਕੁੱਝ ਜੋ ਤੁਸੀਂ ਧਨ ਬਣਾਉਣ ਲਈ ਖ਼ਰੀਦਦੇ ਹੋ। ਨਿਵੇਸ਼ ਵਿੱਚ ਸਟਾੱਕਸ, ਬਾਂਡਜ਼, ਮਿਊਚੁਅਲ ਫ਼ੰਡਜ਼, ਰੀਅਲ ਐਸਟੇਟ ਤੇ ਨਿੱਗਰ ਵਸਤਾਂ ਜਿਵੇਂ ਸੋਨਾ ਸ਼ਾਮਲ ਹੁੰਦੀਆਂ ਹਨ।

7. ਮੁਨਾਫ਼ਾ (ਰਿਟਰਨ – Return) – ਉਹ ਧਨ ਜੋ ਤੁਸੀਂ ਕਿਸੇ ਨਿਵੇਸ਼ ਰਾਹੀਂ ਬਣਾਉਂਦੇ ਹੋ। ਤੁਹਾਡਾ ਮੁਨਾਫ਼ਾ ਨਿਵੇਸ਼ ਦੀ ਲਾਗਤ ਦੇ ਪ੍ਰਤੀਸ਼ਤ ਵਜੋਂ ਪ੍ਰਗਟ ਕੀਤਾ ਜਾ ਸਕਦਾ ਹੈ। ਇਹ ਗਣਨਾ ‘ਨਿਵੇਸ਼ ਉਤੇ ਮੁਨਾਫ਼ਾ’ (ਆਰ.ਓ.ਆਈ. – ਰਿਟਰਨ ਆੱਨ ਇਨਵੈਸਟਮੈਂਟ) ਅਖਵਾਉਂਦੀ ਹੈ। ਆਰ.ਓ.ਆਈ. = (ਮੁਨਾਫ਼ਾ/ਲਾਗਤ) × 100%

8. ਲਾਭ-ਅੰਸ਼ (ਡਿਵੀਡੈਂਡ – Dividend) – ਮੁਨਾਫ਼ੇ ਜਾਂ ਲਾਭ ਦਾ ਇੱਕ ਹਿੱਸਾ ਜੋ ਨਿਵੇਸ਼ਕਾਂ, ਕਿਸੇ ਸਟਾੱਕ ਦੇ ਸ਼ੇਅਰ-ਧਾਰਕਾਂ ਨੂੰ ਅਦਾ ਕੀਤਾ ਜਾਂਦਾ ਹੈ। ਇਹ ਲਾਭ-ਅੰਸ਼ ਤੁਹਾਡੇ ਕੋਲ ਮੌਜੂਦ ਸਟਾੱਕ ਦੀ ਰਕਮ ਉਤੇ ਆਧਾਰਤ ਹੁੰਦੇ ਹਨ। ਇਹ ਲਾਭ-ਅੰਸ਼ ਤੁਹਾਨੂੰ ਅਕਸਰ ਹਰੇਕ ਤਿੰਨ ਮਹੀਨਿਆਂ ਬਾਅਦ ਅਦਾ ਕੀਤੇ ਜਾਂਦੇ ਹਨ।

9. ਫ਼ੀਸ (Fees) – ਉਹ ਧਨ ਜੋ ਤੁਸੀਂ ਕਿਸੇ ਸਲਾਹਕਾਰ ਜਾਂ ਕਿਸੇ ਨਿਵੇਸ਼ (ਇਨਵੈਸਟਮੈਂਟ) ਫ਼ੰਡ ਨੂੰ ਅਦਾ ਕਰਦੇ ਹੋ। ਇੱਕ ਸਲਾਹਕਾਰ ਤੁਹਾਡੇ ਲਈ ਕੰਮ ਕਰਨ ਬਦਲੇ ਇੱਕ ਨਿਸ਼ਚਤ ਫ਼ੀਸ, ਘੰਟਿਆਂ ਦੇ ਆਧਾਰ ਉਤੇ ਫ਼ੀਸ ਜਾਂ ਤੁਹਾਡੇ ਵੱਲੋਂ ਨਿਵੇਸ਼ ਕੀਤੀ ਰਕਮ ਦੇ ਪ੍ਰਤੀਸ਼ਤ ਦੇ ਆਧਾਰ ਉਤੇ ਫ਼ੀਸ ਵਸੂਲ ਕਰ ਸਕਦਾ ਹੈ। ਨਿਵੇਸ਼ ਫ਼ੰਡ, ਜਿਵੇਂ ਕਿ ਮਿਊਚੁਅਲ ਫ਼ੰਡ ਦੇ ਸੰਚਾਲਨ ਤੇ ਪ੍ਰਬੰਧ ਉਤੇ ਫ਼ੀਸ ਲਗਦੀ ਹੈ। ਇਨ੍ਹਾਂ ਫ਼ੀਸਾਂ ਦੀ ਅਦਾਇਗੀ ਤੁਸੀਂ ਉਸ ਫ਼ੰਡ ’ਚੋਂ ਦਿੰਦੇ ਹੋ, ਜਿਹੜੇ ਤੁਸੀਂ ਆਪਣੇ ਨਿਵੇਸ਼ ਦੇ ਮੁਨਾਫ਼ਿਆਂ ਵਜੋਂ ਪ੍ਰਾਪਤ ਕਰਦੇ ਹੋ।

10. ਜੋਖਮ ਸਹਿਣਸ਼ੀਲਤਾ (ਰਿਸਕ ਟੌਲਰੈਂਸ – Risk Tolerance) – ਇੱਕ ਵਿਅਕਤੀ ਦੇ ਨਿਵੇਸ਼ਾਂ ਦੀ ਕੀਮਤ ਵਿੱਚ ਕਮੀ ਨਾਲ ਨਿਪਟਣ ਸਬੰਧ ਉਸ ਦੀ ਇੱਛਾ ਅਤੇ ਵਿੱਤੀ ਯੋਗਤਾ।

11. ਪੂੰਜੀ ਲਾਭ (ਕੈਪੀਟਲ ਗੇਨ – Capital Gain) – ਉਹ ਰਕਮ ਜੋ ਤੁਸੀਂ ਆਪਣਾ ਨਿਵੇਸ਼ ਵੇਚ ਕੇ ਕਮਾਉਂਦੇ ਹੋ ਤੇ ਉਹ ਤੁਹਾਡੇ ਵੱਲੋਂ ਪਹਿਲਾਂ ਅਦਾ ਕੀਤੀ ਉਸ ਦੀ ਖ਼ਰੀਦ-ਕੀਮਤ ਤੋਂ ਵੱਧ ਹੁੰਦੀ ਹੈ। ਇਸ ਵੇਲੇ, ਇੱਕ ਸਾਲ ਵਿੱਚ ਤੁਹਾਨੂੰ ਜਿੰਨੇ ਵੀ ਪੂੰਜੀ ਲਾਭ ਹੁੰਦੇ ਹਨ, ਤੁਸੀਂ ਉਨ੍ਹਾਂ ਵਿਚੋਂ ਕੇਵਲ 50 ਪ੍ਰਤੀਸ਼ਤ ਉਤੇ ਹੀ ਟੈਕਸ ਅਦਾ ਕਰਦੇ ਹੋ। ਜਿਸ ਘਰ ਵਿੱਚ ਤੁਸੀਂ ਰਹਿੰਦੇ ਹੋ, ਉਸ ਦੀ ਵਿਕਰੀ ਤੋਂ ਹੋਣ ਵਾਲੇ ਪੂੰਜੀ ਲਾਭਾਂ ਉਤੇ ਆਮ ਤੌਰ ਉਤੇ ਟੈਕਸ ਨਹੀਂ ਲਾਇਆ ਜਾਂਦਾ।

12. ਪੋਰਟਫ਼ੋਲੀਓ (Portfolio) – ਤੁਹਾਡੇ ਵੱਲੋਂ ਕੀਤੇ ਨਿਵੇਸ਼ਾਂ ਦਾ ਸੰਗ੍ਰਹਿ। ਇੱਕ ਨਿਵੇਸ਼ ਸਲਾਹਕਾਰ ਤੁਹਾਡਾ ਪੋਰਟਫ਼ੋਲੀਓ ਬਣਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ, ਤਾਂ ਜੋ ਤੁਹਾਡੇ ਨਿਵੇਸ਼, ਤੁਹਾਡੀ ‘ਜੋਖਮ ਸਹਿਣਸ਼ੀਲਤਾ’ (ਵੇਖੋ ‘‘ਜੋਖਮ ਸਹਿਣਸ਼ੀਲਤਾ’’) ਲਈ ਢੁਕਵੇਂ ਹੋ ਸਕਣ ਤੇ ਫਿਰ ਵੀ ਧਨ ਬਣਾ ਸਕਣ।

13. ਵਿਭਿੰਨਤਾ (ਡਾਇਵਰਸੀਫ਼ਿਕੇਸ਼ਨ – Diversification) – ਵਿਭਿੰਨ ਪ੍ਰਕਾਰ ਦੇ ਨਿਵੇਸ਼ਾਂ ਦੀ ਚੋਣ ਕਰ ਕੇ ਤੁਹਾਡੇ ਪੋਰਟਫ਼ੋਲੀਓ ਦਾ ਖ਼ਤਰਾ ਘਟਾਉਣ ਦਾ ਇੱਕ ਤਰੀਕਾ। ਆਰਥਿਕ ਤਬਦੀਲੀਆਂ ਹਰੇਕ ਨਿਵੇਸ਼ ਨੂੰ ਵੱਖਰੇ ਤਰੀਕੇ ਨਾਲ ਪ੍ਰਭਾਵਿਤ ਕਰਦੀਆਂ ਹਨ, ਉਸ ਹਾਲਤ ਵਿੱਚ ਇੱਕ ਨਿਵੇਸ਼ ਉਤੇ ਹੋਣ ਵਾਲੇ ਨੁਕਸਾਨਾਂ ਦਾ ਸੰਤੁਲਨ ਕਿਸੇ ਹੋਰ ਨਿਵੇਸ਼ ਉਤੇ ਹੋਣ ਵਾਲੇ ਲਾਭਾਂ ਰਾਹੀਂ ਹੋ ਜਾਂਦਾ ਹੈ।

14. ਸਮਾਂ ਸੀਮਾ (ਟਾਈਮ ਹੌਰਾਇਜ਼ਨ – Time Horizon) – ਉਨ੍ਹਾਂ ਸਾਲਾਂ ਦੀ ਗਿਣਤੀ, ਜਿੰਨਾ ਚਿਰ ਤੁਸੀਂ ਇੱਕ ਖ਼ਾਸ ਰਕਮ ਨਿਵੇਸ਼ ਕਰਨ ਦੀ ਯੋਜਨਾ ਉਲੀਕਦੇ ਹੋ। ਉਦਾਹਰਣ ਵਜੋਂ, ਤੁਹਾਡੇ ਸੇਵਾ-ਮੁਕਤੀ (ਰਿਟਾਇਰਮੈਂਟ) ਫ਼ੰਡ ਲਈ ਸਮਾਂ ਸੀਮਾ ਓਨੇ ਹੀ ਸਾਲ ਹੋਵੇਗੀ, ਜਿੰਨੇ ਤੁਹਾਡੇ ਸੇਵਾ-ਮੁਕਤ ਹੋਣ ਵਿੱਚ ਰਹਿੰਦੇ ਹਨ। ਇੱਕ ਹੋਰ ਉਦਾਹਰਣ: ਇੱਕ ਨਵ-ਜਨਮੇ ਬਾਲ ਦੇ ਯੂਨੀਵਰਸਿਟੀ ਫ਼ੰਡ ਲਈ ਸਮਾਂ-ਸੀਮਾ ਲਗਭਗ 18 ਸਾਲ ਹੋਵੇਗੀ।

15. ਆਰ.ਆਰ.ਐਸ.ਪੀ. (RRSP) – ਇੱਕ ‘ਰਜਿਸਟਰਡ ਸੇਵਾ-ਮੁਕਤੀ ਬੱਚਤ ਯੋਜਨਾ’ (ਰਜਿਸਟਰਡ ਰਿਟਾਇਰਮੈਂਟ ਸੇਵਿੰਗਜ਼ ਪਲੈਨ)। ਇਹ ਯੋਜਨਾ ਟੈਕਸਾਂ ਵਿੱਚ ਕਮੀ ਲਿਆ ਕੇ ਸੇਵਾ-ਮੁਕਤੀ ਲਈ ਬੱਚਤ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ। ਇਸ ਯੋਜਨਾ ਦੇ ਅੰਦਰ, ਤੁਸੀਂ ਜੀ.ਆਈ.ਸੀਜ਼, ਬਾਂਡਜ਼, ਸਟਾੱਕਸ, ਮਿਊਚੁਅਲ ਫ਼ੰਡਜ਼ ਤੇ ਹੋਰ ਨਿਵੇਸ਼ਾਂ ਵਿੱਚ ਆਪਣਾ ਧਨ ਲਾ ਸਕਦੇ ਹੋ। ਜਿੰਨਾ ਚਿਰ ਉਹ ਤੁਹਾਡੀ ਯੋਜਨਾ ਵਿੱਚ ਰਹਿੰਦੇ ਹਨ, ਤੁਹਾਨੂੰ ਆਪਣੀਆਂ ਬੱਚਤਾਂ ਤੇ ਮੁਨਾਫ਼ਿਆਂ ਉਤੇ ਕੋਈ ਟੈਕਸ ਅਦਾ ਨਹੀਂ ਕਰਨਾ ਪੈਂਦਾ। ਤੁਸੀਂ ਹਰੇਕ ਵਰ੍ਹੇ ਕਿੰਨਾ ਧਨ ਨਿਵੇਸ਼ ਕਰ ਸਕਦੇ ਹੋ, ਇਸ ਦੀ ਇੱਕ ਸੀਮਾ ਹੈ।

16. ਟੀ.ਐਫ਼.ਐਸ.ਏ. (TFSA) – ਇੱਕ ‘ਟੈਕਸ-ਮੁਕਤ ਬੱਚਤ ਖਾਤਾ’ (ਟੈਕਸ-ਫ਼੍ਰੀ ਸੇਵਿੰਗਜ਼ ਅਕਾਊਂਟ)। ਇਸ ਖਾਤੇ ਰਾਹੀਂ ਤੁਸੀਂ, ਇੱਕ ਸਾਲਾਨਾ ਸੀਮਾ ਤੱਕ, ਧਨ ਬਚਾ ਸਕਦੇ ਹੋ ਤੇ ਤੁਹਾਨੂੰ ਆਪਣੇ ਮੁਨਾਫ਼ਿਆਂ ਉਤੇ ਕੋਈ ਟੈਕਸ ਅਦਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਖਾਤੇ ਵਿੱਚ, ਤੁਸੀਂ ਜੀ.ਆਈ.ਸੀਜ਼, ਬਾਂਡਜ਼, ਸਟਾੱਕਸ, ਮਿਊਚੁਅਲ ਫ਼ੰਡਜ਼ ਤੇ ਹੋਰ ਨਿਵੇਸ਼ਾਂ ਵਿੱਚ ਧਨ ਲਾ ਸਕਦੇ ਹੋ। ਤੁਹਾਡੀਆਂ ਬੱਚਤਾਂ ਤੇ ਮੁਨਾਫ਼ੇ ਟੈਕਸ-ਮੁਕਤ ਹੋ ਜਾਂਦੇ ਹਨ, ਉਦੋਂ ਵੀ ਜਦੋਂ ਤੁਸੀਂ ਇਸ ਖਾਤੇ ’ਚੋਂ ਆਪਣਾ ਧਨ ਕੱਢ ਲੈਂਦੇ ਹੋ। ਤੁਹਾਡੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ ਅਤੇ ਇੱਕ ਟੀ.ਐਫ਼.ਐਸ.ਏ. ਖੋਲ੍ਹਣ ਲਈ ਤੁਹਾਡੇ ਕੋਲ ‘ਸਮਾਜਕ ਬੀਮਾ ਸੰਖਿਆ’ (ਸੋਸ਼ਲ ਇਨਸ਼ਯੋਰੈਂਸ ਨੰਬਰ) ਹੋਣੀ ਚਾਹੀਦੀ ਹੈ।

17. ਆਰ.ਈ.ਐਸ.ਪੀ. (RESP) – ਇੱਕ ‘ਰਜਿਸਟਰਡ ਸਿੱਖਿਆ ਬੱਚਤ ਯੋਜਨਾ’ (ਰਜਿਸਟਰਡ ਐਜੂਕੇਸ਼ਨ ਸੇਵਿੰਗਜ਼ ਪਲੈਨ)। ਇਹ ਬੱਚਤ ਯੋਜਨਾ ਤੁਹਾਨੂੰ ਸਮੁੱਚੇ ਜੀਵਨ ਦੀ ਸੀਮਾ ਤੱਕ, ਹਾਈ ਸਕੂਲ ਦੀ ਪੜ੍ਹਾਈ ਤੋਂ ਬਾਅਦ ਬੱਚੇ ਦੀ ਸਿੱਖਿਆ ਲਈ ਬੱਚਤ ਕਰਨ ਵਿੱਚ ਮਦਦ ਕਰਦੀ ਹੈ। ਇਸ ਯੋਜਨਾ ਵਿੱਚ, ਤੁਸੀਂ ਜੀ.ਆਈ.ਸੀਜ਼, ਬਾਂਡਜ਼, ਸਟਾੱਕਸ, ਮਿਊਚੁਅਲ ਫ਼ੰਡਜ਼ ਤੇ ਹੋਰ ਨਿਵੇਸ਼ਾਂ ਵਿੱਚ ਆਪਣਾ ਧਨ ਲਾ ਸਕਦੇ ਹੋ। ਜਦੋਂ ਤੁਸੀਂ ਆਪਣਾ ਧਨ ਇਸ ਯੋਜਨਾ ਵਿੱਚ ਲਾਉਂਦੇ ਹੋ, ਤਾਂ ਸਰਕਾਰ ਵੀ ਗ੍ਰਾਂਟਸ ਦੀ ਸ਼ਕਲ ਵਿੱਚ ਉਸ ਵਿੱਚ ਆਪਣਾ ਧਨ ਲਾ ਸਕਦੀ ਹੈ। ਇਹ ਧਨ ਉਦੋਂ ਤੱਕ ਟੈਕਸ-ਮੁਕਤ ਰਹਿੰਦਾ ਹੈ, ਜਦੋਂ ਤੱਕ ਕਿ ਉਹ ਇਸ ਯੋਜਨਾ ਵਿੱਚ ਟਿਕੀ ਰਹਿੰਦੀ ਹੈ। ਬੱਚਾ ਕੇਵਲ ਤਦ ਹੀ ਟੈਕਸ ਅਦਾ ਕਰਦਾ ਹੈ, ਜਦੋਂ ਇਸ ਨੂੰ ਯੋਜਨਾ ’ਚੋਂ ਹਟਾ ਦਿੱਤਾ ਜਾਂਦਾ ਹੈ। ਇੱਕ ਆਰ.ਈ.ਐਸ.ਪੀ. ਖੋਲ੍ਹਣ ਲਈ, ਤੁਹਾਡੇ ਅਤੇ ਬੱਚੇ ਦੋਵਾਂ ਕੋਲ ਜ਼ਰੂਰ ਹੀ ‘ਸੋਸ਼ਲ ਇਨਸ਼ਯੋਰੈਂਸ’ ਨੰਬਰ ਹੋਣੇ ਚਾਹੀਦੇ ਹਨ।

18. ਜੀ.ਆਈ.ਸੀ (GIC) – ਇੱਕ ਗਰੰਟੀਸ਼ੁਦਾ ਨਿਵੇਸ਼ ਪ੍ਰਮਾਣ-ਪੱਤਰ (ਗਰੰਟੀਡ ਇਨਵੈਸਟਮੈਂਟ ਸਰਟੀਫ਼ਿਕੇਟ)। ਇਸ ਨਿਵੇਸ਼ ਅਧੀਨ ਆਮ ਤੌਰ ਉਤੇ ਇੱਕ ਖ਼ਾਸ ਸਮਾਂ-ਮਿਆਦ, ਅਕਸਰ 30 ਦਿਨਾਂ ਤੋਂ ਪੰਜ ਸਾਲਾਂ ਦੇ ਵਿਚਕਾਰ, ਵਿਆਜ ਦੀ ਇੱਕ ਨਿਸ਼ਚਤ ਦਰ ਅਦਾ ਕੀਤੀ ਜਾਂਦੀ ਹੈ। ਤੁਹਾਨੂੰ ਇਸ ਵਿੱਚ ਆਮ ਤੌਰ ਉਤੇ ਘੱਟੋ-ਘੱਟ 500 ਡਾਲਰ ਨਿਵੇਸ਼ ਕਰਨੇ ਹੁੰਦੇ ਹਨ।

19. ਬੀਮਾ ਨੀਤੀ (ਇਨਸ਼ਯੋਰੈਂਸ ਪਾਲਿਸੀ – Insurance Policy) – ਤੁਹਾਡੇ ਤੇ ਇੱਕ ਬੀਮਾ ਕੰਪਨੀ ਵਿਚਾਲੇ ਹੋਇਆ ਇਕਰਾਰ (ਕੰਟਰੈਕਟ), ਜਿਸ ਵਿੱਚ ਤੁਸੀਂ ਨਿਯਮਤ ਰਕਮਾਂ, ਜਿਨ੍ਹਾਂ ਨੂੰ ਪ੍ਰੀਮੀਅਮਜ਼ ਆਖਦੇ ਹਨ, ਅਦਾ ਕਰਨ ਲਈ ਸਹਿਮਤ ਹੁੰਦੇ ਹੋ ਅਤੇ ਬਦਲੇ ਵਿੱਚ ਕਿਸੇ ਵਿਸ਼ੇਸ਼ ਘਟਨਾ ਲਈ ਇੱਕ ਵੱਡਾ, ਪੂਰਵ-ਨਿਰਧਾਰਤ ਭੁਗਤਾਨ ਕੀਤਾ ਜਾਂਦਾ ਹੈ। ਉਹ ਘਟਨਾਵਾਂ ਆਮ ਤੌਰ ਉਤੇ ਮੌਤ, ਜਾਇਦਾਦ ਦਾ ਨੁਕਸਾਨ ਹੁੰਦੀਆਂ ਹਨ। (ਉਦਾਹਰਣ ਵਜੋਂ, ਤੁਸੀਂ ਇੱਕ ਜੀਵਨ ਬੀਮਾ ਪਾਲਿਸੀ ਖ਼ਰੀਦ ਸਕਦੇ ਹੋ, ਜਿਸ ਅਧੀਨ ਤੁਹਾਡਾ ਦੇਹਾਂਤ ਹੋਣ ਦੀ ਹਾਲਤ ਵਿੱਚ ਤੁਹਾਡੇ ਪਰਿਵਾਰ ਨੂੰ ਰਕਮ ਮਿਲਦੀ ਹੈ)। ਉਹ ਘਟਨਾ ਵਾਪਰਨ ਦੀ ਹਾਲਤ ਵਿੱਚ ਬੀਮਾ ਕੰਪਨੀ ਜੋ ਅਦਾ ਕਰਦੀ ਹੈ, ਉਸ ਨੂੰ ‘ਕਵਰਿੰਗ’ ਆਖਦੇ ਹਨ।

20. ਪੈਨਸ਼ਨ (Pension) – ਇੱਕ ਯੋਜਨਾ, ਜੋ ਤੁਹਾਨੂੰ ਤੁਹਾਡੀ ਸੇਵਾ-ਮੁਕਤੀ (ਰਿਟਾਇਰਮੈਂਟ) ਦੌਰਾਨ ਇੱਕ ਆਮਦਨ ਪ੍ਰਦਾਨ ਕਰਦੀ ਹੈ। ਆਮ ਤੌਰ ਉਤੇ ਤੁਸੀਂ ਤੇ ਤੁਹਾਡਾ ਨਿਯੋਜਕ (ਇੰਪਲਾਇਰ) ਇਸ ਯੋਜਨਾ ਵਿੱਚ ਭੁਗਤਾਨ ਕਰਦੇ ਹੋ। ਇਹ ਦੋ ਕਿਸਮ ਦੇ ਹੁੰਦੇ ਹਨ:

  1. ਇੱਕ ਪਾਰਿਭਾਸ਼ਿਕ ਲਾਭ ਯੋਜਨਾ, ਜੋ ਤੁਹਾਡੇ ਦੇਹਾਂਤ ਤੱਕ ਤੁਹਾਨੂੰ ਇੱਕ ਨਿਸ਼ਚਤ ਆਮਦਨ ਦੀ ਅਦਾਇਗੀ ਦਾ ਵਾਅਦਾ ਕਰਦੀ ਹੈ; ਅਤੇ
  2. ਇੱਕ ਪਾਰਿਭਾਸ਼ਿਕ ਅੰਸ਼ਦਾਨ (ਕੰਟਰੀਬਿਊਟਰੀ) ਯੋਜਨਾ, ਜੋ ਤੁਹਾਡੇ ਭੁਗਤਾਨਾਂ ਦੀ ਸੁਰੱਖਿਆ ਦਾ ਵਾਅਦਾ ਕਰਦੀ ਹੈ, ਪਰ ਤੁਹਾਨੂੰ ਨਿਸ਼ਚਤ ਆਮਦਨ ਦਾ ਵਾਅਦਾ ਨਹੀਂ ਕਰਦੀ।

21. ਟੈਕਸ (Tax) – ਸਰਕਾਰ ਨੂੰ ਉਸ ਵੇਲੇ ਅਦਾ ਕੀਤਾ ਕੀਤਾ ਗਿਆ ਧਨ, ਜਦੋਂ ਤੁਸੀਂ ਵਸਤਾਂ ਜਾਂ ਸੇਵਾਵਾਂ ਖ਼ਰੀਦਦੇ ਹੋ ਜਾਂ ਜਦੋਂ ਤੁਸੀਂ ਕਿਸੇ ਨਿਵੇਸ਼ ਆਮਦਨ ਸਮੇਤ ਕੋਈ ਵੀ ਹੋਰ ਆਮਦਨ ਕਮਾਉਂਦੇ ਹੋ। ਕੈਨੇਡਾ ਵਿੱਚ ਆਮਦਨ ਅਨੁਸਾਰ ਹੀ ਟੈਕਸ ਲਾਏ ਜਾਣ ਦੀ ਪ੍ਰਣਾਲੀ ਲਾਗੂ ਹੈ, ਜਿਸ ਦਾ ਮਤਲਬ ਹੈ ਕਿ ਜਿਨ੍ਹਾਂ ਦੀ ਆਮਦਨ ਵੱਧ ਹੈ, ਉਨ੍ਹਾਂ ਨੂੰ ਘੱਟ ਆਮਦਨ ਵਾਲੇ ਲੋਕਾਂ ਦੇ ਮੁਕਾਬਲੇ ਵੱਧ ਟੈਕਸ ਅਦਾ ਕਰਨਾ ਪੈਂਦਾ ਹੈ। ਤੁਸੀਂ ਆਪਣਾ ਆਮਦਨ ਟੈਕਸ, ਕਟੌਤੀਆਂ ਤੇ ਛੋਟਾਂ ਦੀ ਵਰਤੋਂ ਕਰਦੇ ਹੋਏ ਘਟਾ ਸਕਦੇ ਹੋ। ਸਰਕਾਰ ਦੀ ‘ਕੈਨੇਡਾ ਰੈਵੇਨਿਊ ਏਜੰਸੀ’ (ਸੀ.ਆਰ.ਏ., www.cra-arc.gc.ca) ਵੱਲੋਂ ਟੈਕਸ ਇਕੱਠਾ ਕੀਤਾ ਜਾਂਦਾ ਹੈ। ਸਰਕਾਰ ਇਸ ਧਨ ਦੀ ਵਰਤੋਂ ਸਰਕਾਰੀ ਕਰਜ਼ਾ ਘਟਾਉਣ ਅਤੇ ਸੜਕਾਂ, ਰਾਸ਼ਟਰੀ ਰੱਖਿਆ, ਸਮਾਜਕ ਪ੍ਰੋਗਰਾਮਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਅਦਾਇਗੀ ਲਈ ਕਰਦੀ ਹੈ।

22. ਵਸੀਅਤ (ਵਿਲ – Will) – ਇੱਕ ਕਾਨੂੰਨੀ ਦਸਤਾਵੇਜ਼, ਜੋ ਇਹ ਦਰਸਾਉਂਦਾ ਹੈ ਕਿ ਤੁਹਾਡੇ ਦੇਹਾਂਤ ਤੋਂ ਬਾਅਦ ਤੁਹਾਡੇ ਧਨ, ਸੰਪਤੀ ਤੇ ਹੋਰ ਨਿਵੇਸ਼ਾਂ ਦਾ ਕੀ ਕਰਨਾ ਹੈ। ਜੇ ਤੁਹਾਡਾ ਦੇਹਾਂਤ ਬਿਨਾਂ ਵਸੀਅਤ ਦੇ ਹੋ ਜਾਂਦਾ ਹੈ, ਤਾਂ ਕਾਨੂੰਨੀ ਅਦਾਲਤ ਇਹ ਫ਼ੈਸਲਾ ਕਰਦੀ ਹੈ ਕਿ ਤੁਹਾਡੀਆਂ ਵਸਤਾਂ ਦਾ ਕੀ ਕਰਨਾ ਹੈ।

23. ਮੁਖ਼ਤਿਆਰਨਾਮਾ (ਪਾੱਵਰ ਆੱਫ਼ ਅਟਾਰਨੀ) – ਉਹ ਕਾਨੂੰਨੀ ਅਧਿਕਾਰ, ਜੋ ਕੁੱਝ ਖ਼ਾਸ ਸਥਿਤੀਆਂ ਵਿੱਚ ਫ਼ੈਸਲੇ ਲੈਣ ਲਈ ਤੁਸੀਂ ਕਿਸੇ ਨੂੰ ਦਿੰਦੇ ਹੋ। ਮੁਖਤਿਆਰਨਾਮੇ ਦਾ ਲਾਭ ਤਦ ਹੁੰਦਾ ਹੈ, ਜੇ ਤੁਸੀਂ ਮਾਨਸਿਕ ਜਾਂ ਸਰੀਰਕ ਤੌਰ ਉਤੇ ਅੰਗਹੀਣ ਹੋ ਗਏ ਹੋ ਜਾਂ ਤੁਸੀਂ ਲੰਮੇ ਸਮੇਂ ਲਈ ਦੇਸ਼ ਤੋਂ ਬਾਹਰ ਜਾ ਰਹੇ ਹੋ।

ਸਰੋਤ: GetSmarterAboutMoney.ca, ਕੈਨੇਡਾ ਰੈਵੇਨਿਊ ਏਜੰਸੀ, ਫ਼ਾਈਨੈਂਸ਼ੀਅਲ ਕੰਜ਼ਿਊਮਰ ਏਜੰਸੀ ਆੱਫ਼ ਕੈਨੇਡਾ ਇਨਵੈਸਟਮੈਂਟ